ਚੰਡੀਗੜ੍ਹ, 6 ਜਨਵਰੀ, 2017 : ਪੰਜਾਬ ਸਰਕਾਰ ਵਲੋਂ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇ ਮੰਤਰਾਲੇ ਵਲੋਂ ਮਿਲੇ ਨਿਰਦੇਸ਼ਾ ਤਹਿਤ ਪੰਜਾਬ ਵਿੱਚ ਸੜਕ ਸੁਰੱਖਿਆ ਸਪਤਾਹ 9 ਤੋਂ 15 ਜਨਵਰੀ, 2017 ਤਕ ਮਨਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਵਲੋਂ ਦਿੱਤੀ ਗਈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਸਮੁਹ ਜ਼ਿਲਿਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਸੜਕ ਸੁਰੱਖਿਆ ਸਪਤਾਹ ਨੂੰ ਅਸਲੀ ਮਾਇਨਿਆਂ ਵਿੱਚ ਮਨਾਉਣ ਦੇ ਲਈ ਹੋਰਨਾਂ ਸਬੰਧਿਤ ਵਿਭਾਗਾਂ ਜਿਵੇਂ ਕਿ ਪੁਲਿਸ, ਸਿਹਤ, ਸੂਚਨਾ ਤੇ ਲੋਕ ਸੰਪਰਕ, ਸਿੱਖਿਆ, ਲੋਕ ਨਿਰਮਾਣ ਵਿਭਾਗ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ।
ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪੱਧਰ ਤੇ ਇਸ ਸਪਤਾਹ ਦੌਰਾਨ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ ਜਿਨ੍ਹਾਂ ਵਿੱਚ ਰੋਡ ਸ਼ੌ, ਵਿਦਿਆਰਥੀਆਂ ਵਲੋਂ ਮਾਰਚ, ਪੇਂਟਿੰਗ ਮੁਕਾਬਲੇ, ਡਰਾਇਵਰਾਂ ਲਈ ਅੱਖਾਂ ਦੇ ਚੈਕਅੱਪ ਕੈਂਪ, ਗੈਰ ਸਰਕਾਰੀ ਸੰਸਥਾਵਾਂ ਵਲੋਂ ਸੈਮੀਨਾਰ ਅਤੇ ਐਫ਼. ਐਮ ਰੇਡੀਓ ਤੇ ਸੜਕ ਸੁਰੱਖਿਆ ਨੂੰ ਪ੍ਰਚਾਰਿਤ ਕਰਦੇ ਹੋਏ ਸੰਦੇਸ਼ਾਂ ਦਾ ਪ੍ਰਸਾਰਨ ਸ਼ਾਮਿਲ ਹੈ।