ਚੰਡੀਗੜ੍ਹ, 21 ਦਸੰਬਰ, 2016 : ਸਾਡੀ ਨਿਆਂ ਪ੍ਰਣਾਲੀ ਕੋਲ ਕਾਲੇ ਹਿਰਨ ਦੇ ਮਾਮਲੇ ਨੂੰ ਨਿਪਟਾਉਣ ਲਈ ਸਮਾਂ ਹੈ, ਪਰ 32 ਸਾਲ ਪਹਿਲਾਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵਿਹਲ ਨਹੀਂ। ਸੱਜਣ ਕੁਮਾਰ ਨੂੰ ਜ਼ਮਾਨਤ ਦੇ ਕੇ ਅਦਾਲਤ ਨੇ ਸਿੱਖਾਂ ਭਾਈਚਾਰੇ ਦੇ ਜ਼ਖਮਾਂ 'ਤੇ ਇੱਕ ਟੱਕ ਹੋਰ ਮਾਰ ਦਿੱਤਾ ਹੈ।
ਇਹ ਸ਼ਬਦ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਮਨਜਿੰਦਰ ਸਿੰਘ ਸਿਰਸਾ ਅਤੇ 1984 ਦੰਗਾ ਪੀੜਿਤ ਸ਼ਹਰਵਿੰਦਰ ਸਿੰਘ ਕੋਹਲੀ ਨੇ ਇੱਥੇ ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਬੁੱਧਵਾਰ ਨੂੰ ਦਵਾਰਕਾ ਕੋਰਟ ਦਿੱਲੀ ਦੇ ਐਡੀਸ਼ਨਲ ਸੈਸ਼ਨ ਜੱਜ ਵਿਕਾਸ ਢੱਲ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ-ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦਿੱਤੀ ਅਗਾਊਂ ਜ਼ਮਾਨਤ 'ਤੇ ਟਿੱਪਣੀ ਕਰ ਰਹੇ ਸਨ। ਇਸ ਮੌਕੇ ਸ਼ ਕੋਹਲੀ ਨੇ ਦੱਸਿਆ ਕਿ 2 ਨਵੰਬਰ 1984 ਨੂੰ ਗੁਲਾਬ ਏਰੀਆ, ਉੱਤਮ ਨਗਰ ਦਿੱਲੀ ਵਿਚ ਸੱਜਣ ਕੁਮਾਰ ਦੁਆਰਾ ਉਕਸਾਏ ਦੰਗਾਕਾਰੀਆਂ ਨੇ ਮੇਰੇ ਪਿਤਾ ਜੀ ਸ਼ ਸੋਹਨ ਸਿੰਘ ਅਤੇ ਜੀਜਾ ਜੀ ਸ਼ ਅਵਤਾਰ ਨੂੰ ਮੇਰੀਆਂ ਅੱਖਾ ਸਾਹਮਣੇ ਜਿਉਂਦੇ ਜਲਾ ਦਿੱਤਾ ਸੀ। ਇਸ ਘਟਨਾ ਵਿਚ ਮੈਂ ਅਤੇ ਮੇਰੇ ਮਾਤਾ ਜੀ ਜ਼ਖਮੀ ਹੋ ਗਏ ਸਨ। ਮੈਂ ਦੰਗਿਆਂ ਦੀ ਮੁੜ ਜਾਂਚ ਲਈ ਬਣੀ ਐਸਆਈਟੀ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸੀ, ਇਸ ਸੰਬੰਧ ਵਿਚ 164 ਗਵਾਹੀਆਂ ਹੋ ਚੁੱਕੀਆਂ ਸਨ। ਤਕਰੀਬਨ ਇੱਕ ਮਹੀਨਾ ਪਹਿਲਾਂ ਸੱਜਣ ਕੁਮਾਰ ਕੋਰਟ ਵਿਚ ਪੇਸ਼ ਹੋਇਆ ਸੀ ਅਤੇ ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਜਲਦੀ ਉਸ ਦੀ ਗਿਰਫਤਾਰੀ ਹੋਣ ਵਾਲੀ ਹੈ।
ਉਹਨਾਂ ਕਿਹਾ ਕਿ ਅੱਜ ਬਹੁਤ ਦੁਖਦਾਈ ਦਿਨ ਹੈ। 32 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਸ ਦੇਸ਼ ਵਿਚ ਦੋ ਕਾਨੂੰਨ ਹਨ-ਇੱਕ ਬਹੁ ਗਿਣਤੀ ਲਈ ਅਤੇ ਦੂਜਾ ਘੱਟ ਗਿਣਤੀਆਂ ਲਈ। ਸਾਡੀ ਨਿਆਂ ਪ੍ਰਣਾਲੀ ਇੰਨੀ ਨਾਕਸ ਹੈ ਕਿ ਇਸ ਦੇਸ਼ ਵਿਚ ਕਾਲੇ ਹਿਰਨ ਦੇ ਕੇਸਾਂ ਦਾ ਨਿਪਟਾਰਾ ਹੋ ਜਾਂਦਾ ਹੈ, ਪਰ ਹਜ਼ਾਰਾਂ ਨਿਰਦੋਸ਼ਾਂ ਦੀ ਮੌਤ ਦਾ ਇਨਸਾਫ ਲੈਣ ਵਾਸਤੇ ਦਹਾਕੇ ਲੱਗ ਜਾਂਦੇ ਹਨ। ਇਸ ਮੌਕੇ ਸੱਜਣ ਕੁਮਾਰ ਨੂੰ ਮਿਲੀ ਜ਼ਮਾਨਤ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼ ਸਿਰਸਾ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਬਹੁਤ ਹੀ ਮੰਦਭਾਗਾ ਅਤੇ ਨਿਰਾਸ਼ਾਜਨਕ ਹੈ। ਇਸ ਨਾਲ ਸਿੱਖਾਂ ਦੇ ਜ਼ਖਮ ਹੋਰ ਗਹਿਰੇ ਗਏ ਹਨ। ਐਸਆਈਟੀ ਬਣਨ ਨਾਲ ਪਹਿਲੀ ਵਾਰ ਸਿੱਖਾਂ ਅੰਦਰ ਇਨਸਾਫ ਦੀ ਉਮੀਦ ਜਾਗੀ ਸੀ। ਜਿਸ ਤਰ੍ਹਾਂ ਐਸਆਈਟੀ ਵੱਲੋਂ ਸਾਰੇ ਗਵਾਹਾਂ ਦੇ ਬਿਆਨਾਂ ਨੂੰ ਕਲਮਬੰਦ ਕੀਤਾ ਗਿਆ ਸੀ, ਉਸ ਤੋਂ ਸਾਫ ਝਲਕਦਾ ਸੀ ਕਿ ਜਲਦੀ ਹੀ ਸੱਜਣ ਕੁਮਾਰ ਜੇਲ੍ਹ ਵਿਚ ਹੋਵੇਗਾ। ਉਹਨਾਂ ਕਿਹਾ ਕਿ ਸੱਜਣ ਕੁਮਾਰ ਦੇ ਕਾਂਗਰਸੀ ਆਕਾਵਾਂ ਨੂੰ ਕਾਂਬਾ ਚੜ੍ਹ ਗਿਆ ਸੀ ਕਿ ਜੇਕਰ ਉਹ ਜੇਲ੍ਹ ਚਲਾ ਗਿਆ ਤਾਂ ਕਈ ਵੱਡੇ ਕਾਂਗਰਸੀ ਨੇਤਾਵਾਂ ਦਾ ਵੀ ਪਰਦਾਫਾਸ਼ ਕਰ ਦੇਵੇਗਾ। ਇਸ ਲਈ ਉਹਨਾਂ ਨੇ ਰਸੂਖ ਵਰਤ ਕੇ ਸੱਜਣ ਕੁਮਾਰ ਦੀ ਜ਼ਮਾਨਤ ਕਰਵਾ ਦਿੱਤੀ ਹੈ।