ਹਰੀਕੇ ਪੱਤਣ, 21 ਦਸੰਬਰ, 2016 : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਗੱਪੀ ਕਰਾਰ ਦਿੰਦੇ ਹੋਏ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਰਾਜ ਪੱਧਰੀ ਮੁਹਿੰਮ ਹਰੀਕੇ ਪੱਤਣ ਵਿਖੇ ਜਲ ਬੱਸ ਅੱਡੇ ਤੋਂ ਸ਼ੁਰੂ ਕੀਤੀ ਹੈ। ਬੁੱਧਵਾਰ ਨੂੰ ਪਾਰਟੀ ਦੇ ਜੀਰਾ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ ਵੱਲੋਂ ਹਰੀਕਾ ਹੈਡਵਰਕਸ ਉਪਰ ਬਣਾਏ ਗਏ ਜਲ-ਥਲੀ ਬੱਸ ਅੱਡੇ ਦੇ ਗੇਟ ਉਤੇ ਲਗਾਏ ਧਰਨੇ ਦੀ ਅਗਵਾਈ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਮਾਰੀਆਂ ਜਾ ਰਹੀਆਂ ਗੱਪਾਂ ਪੰਜਾਬ ਅਤੇ ਪੰਜਾਬ ਦੀ ਜਨਤਾ ਨੂੰ ਬਹੁਤ ਮਹਿੰਗੀਆਂ ਪੈ ਰਹੀਆਂ ਹਨ ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੇ ਮੂੰਹੋਂ ਨਿਕਲੀ ਗੱਪ ਨੂੰ ਸੱਚ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਤੇ ਜਲ ਬੱਸ ਉਸਦੀ ਤਾਜਾ ਮਿਸਾਲ ਹੈ।
ਗੁਰਪ੍ਰੀਤ ਵੜੈਚ ਨੇ ਕਿਹਾ ਕਿ ਉਹ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਗੋਰਾ ਦੇ ਸੱਦੇ ਉਪਰ ਸੁਖਬੀਰ ਸਿੰਘ ਬਾਦਲ ਦੀ ਜਲ ਬੱਸ ਵੇਖਣ ਆਏ ਸਨ, ਪ੍ਰੰਤੂ ਕਰੋੜਾਂ ਰੁਪਏ ਖਰਚ ਕੇ ਲਿਆਂਦੀ ਇਸ ਜਲ ਬੱਸ ਦੇ ਅੱਡੇ ਉਤੇ ਜਿੰਦਰਾ ਲੱਗਾ ਪਿਆ ਹੈ। ਵੜੈਚ ਨੇ ਕਿਹਾ ਕਿ ਪੰਜਾਬ ਵਿੱਚੋਂ ਕਿਸੇ ਨੇ ਵੀ ਸੁਖਬੀਰ ਸਿੰਘ ਬਾਦਲ ਕੋਲੋਂ ਜਲ ਬੱਸ ਚਲਾਉਣ ਦੀ ਮੰਗ ਨਹੀਂ ਕੀਤੀ ਸੀ, ਕਿਉਂਕਿ ਗੱਪ ਮਾਰਨ ਦੇ ਆਦੀ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਜਲ ਬੱਸ ਦੀ ਗੱਲ ਨਿਕਲ ਗਈ ਅਤੇ ਗੱਪ ਨੂੰ ਸੱਚ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਖਜਾਨੇ ਅਤੇ ਮਸ਼ੀਨਰੀ ਦੀ ਦੁਰਵਰਤੋਂ ਕਰਨ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਗੁਰਪ੍ਰੀਤ ਨੇ ਕਿਹਾ ਕਿ ਕੇਵਲ ਜਲ ਬੱਸ ਅਤੇ ਬੱਸ ਅੱਡੇ ਉਪਰ ਹੀ ਕਰੋੜਾਂ ਰੁਪਏ ਖਰਚ ਨਹੀਂ ਕੀਤੇ ਗਏ, ਸਗੋਂ ਉਸਦੇ ਉਦਘਾਟਨ ਵਾਲੇ ਦਿਨ ਮੀਡੀਆ ਵਿੱਚ ਫੋਟੋਆਂ ਅਤੇ ਖਬਰਾਂ ਛਪਵਾਉਣ ਲਈ ਵੀ ਲੱਖਾਂ ਰੁਪਏ ਖਰਚ ਕੀਤੇ ਗਏ। ਉਨਾਂ ਕਿਹਾ ਕਿ ਬਿਹਤਰ ਹੁੰਦਾ ਕਿ ਇਸ ਪੈਸੇ ਨਾਲ ਸੈਂਕੜੇ ਕਿਸਾਨਾਂ ਤੇ ਖੇਤ ਮਜਦੂਰਾਂ ਦਾ ਕਰਜਾ ਮੁਆਫ ਕਰ ਦਿੱਤਾ ਜਾਂਦਾ।
ਗੁਰਪ੍ਰੀਤ ਵੜੈਚ ਨੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਿਰਫ ਇਹੋ ਇੱਕ ਗੱਪ ਨਹੀਂ ਮਾਰੀ। ਅਜਿਹੀਆਂ ਹੋਰ ਵੀ ਬਹੁਤ ਗੱਪਾਂ ਹਨ, ਜਿਨਾਂ ਉਪਰ ਪੰਜਾਬ ਦੇ ਲੋਕਾਂ ਦਾ ਸਰਕਾਰੀ ਖਜਾਨਾ ਲੁਟਾਇਆ ਗਿਆ ਹੈ, ਜਿਸ ਦਾ ਇੱਕ-ਇੱਕ ਕਰਕੇ ਆਮ ਆਦਮੀ ਪਾਰਟੀ ਆਉਂਦੇ ਦਿਨਾਂ ਵਿੱਚ ਖੁਲਾਸਾ ਕਰੇਗੀ।
ਇਸ ਮੌਕੇ ਆਪ ਦੇ ਉਮੀਦਵਾਰ ਗੁਰਪ੍ਰੀਤ ਗੋਰਾ ਨੇ ਦੱਸਿਆ ਕਿ ਜਿਸ ਦਿਨ ਸੁਖਬੀਰ ਬਾਦਲ ਬੱਸ ਦਾ ਉਦਘਾਟਨ ਕਰਨ ਆਏ ਸਨ, ਉਸ ਦਿਨ ਤੋਂ ਬਾਅਦ ਬੱਸ ਜਿੰਦਰੇ ਅੰਦਰ ਬੰਦ ਖੜੀ ਹੈ ਤੇ ਕਿਸੇ ਨੂੰ ਵੇਖਣ ਨਹੀਂ ਦਿੱਤੀ ਜਾ ਰਹੀ। ਉਨਾਂ ਦੱਸਿਆ ਕਿ ਉਦਘਾਟਨ ਵਾਲੇ ਦਿਨ ਬੱਸ ਚਲਾਉਣ ਲਈ ਛੱਡੇ ਗਏ ਪਾਣੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖਰਾਬ ਹੋ ਗਈ, ਜਿਸ ਦੇ ਜਿੰਮੇਵਾਰ ਖੁਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਇਸ ਮੌਕੇ ਉਨਾਂ ਖਰਾਬ ਹੋਈਆਂ ਫਸਲਾਂ ਦੇ ਪੂਰੇ ਮੁਆਵਜੇ ਦੀ ਮੰਗ ਕੀਤੀ। ਜਲ ਬੱਸ ਅੱਡੇ ਦੇ ਸਾਹਮਣੇ ਲਗਾਏ ਰੋਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸਥਾਨਕ ਨੇਤਾਵਾਂ ਅਤੇ ਵਲੰਟੀਅਰਾਂ ਨੇ ਬਾਦਲ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ।