ਮੁੱਲਾਂਪੁਰ ਦਾਖਾ, 17 ਨਵੰਬਰ, 2016 : ਦੇਸ਼ ਦੇ ਮਹਾਨ ਸ਼ਹੀਦ ਪਰਮਵੀਰ ਚੱਕਰ ਵਿਜੇਤਾ ਨਿਰਮਲਜੀਤ ਸਿੰਘ ਸੇਖੋਂ, ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ, ਮੇਜਰ ਬਚਿੱਤਰ ਸਿੰਘ ਸੇਖੋਂ, ਜਨਰਲ ਸੰਤ ਸਿੰਘ ਸੇਖੋਂ, ਉਘੇ ਸਾਹਿਤਕਾਰ ਪੰਡਿਤ ਕਰਤਾਰ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ ਸਮਰਪਿਤ ਪਿੰਡ ਦਾਖਾ ਵਿਖੇ ਬਣਾਇਆ ਗਿਆ ਆਧੁਨਿਕ ਸਪੋਰਟਸ ਸਟੇਡੀਅਮ ਕਮ ਪਾਰਕ ਖ਼ਿਡਾਰੀਆਂ ਆਮ ਲੋਕਾਂ ਦੀ ਸਹੂਲਤ ਲਈ ਅਰਪਣ ਕਰ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਅੱਜ ਹਲਕਾ ਦਾਖਾ ਦੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਆਲੀ ਅਤੇ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਸ੍ਰੀ ਐੱਸ. ਕੇ. ਕਾਲੀਆ ਵੱਲੋਂ ਕੀਤਾ ਗਿਆ।
70 ਲੱਖ ਦੀ ਲਾਗਤ ਨਾਲ ਬਣਾਏ ਗਏ ਇਸ ਸਟੇਡੀਅਮ ਵਿੱਚ ਇੱਕੋ ਸਮੇਂ ਹਾਕੀ, ਫੁੱਟਬਾਲ, ਬਾਸਕਿਟਬਾਲ ਅਤੇ ਹੋਰ ਕਈ ਮੁਕਾਬਲੇ ਕਰਵਾਏ ਜਾ ਸਕਦੇ ਹਨ।
ਉਦਘਾਟਨੀ ਸਮਾਰੋਹ ਦੌਰਾਨ ਵਿਧਾਇਕ ਸ੍ਰ. ਇਯਾਲੀ ਨੇ ਦਾਅਵੇ ਨਾਲ ਕਿਹਾ ਕਿ ਕਰੀਬ 6 ਏਕੜ ਵਿੱਚ ਬਣਾਇਆ ਗਿਆ ਇਹ ਸਟੇਡੀਅਮ ਕਮ ਪਾਰਕ ਹਲਕਾ ਦਾਖਾ ਦਾ ਸਭ ਤੋਂ ਵੱਡਾ ਹੈ। ਜਿਸ ਦਾ ਰੋਜ਼ਾਨਾ ਸੈਂਕੜੇ ਨੌਜਵਾਨ ਅਤੇ ਹਰੇਕ ਵਰਗ ਦੇ ਲੋਕ ਲਾਹਾ ਲੈਣਗੇ।
ਵਿਧਾਇਕ ਇਆਲੀ ਨੇ ਕਿਹਾ ਕਿ ਇਸ ਖੇਡ ਗਰਾਊਂਡ ਵਿੱਚ ਸਾਡੇ ਬੱਚੇ ਬੱਚੀਆਂ, ਧੀਆਂ-ਭੈਣਾਂ, ਬਜੁਰਗਾਂ ਨੂੰ ਸੈਰ ਕਰਨ ਅਤੇ ਓਪਨ ਜਿੰਮ ਦਾ ਲਾਭ ਮਿਲੇਗਾ ਉਥੇ ਨੌਜਵਾਨ ਖੇਡਾਂ ਵਿੱਚ ਨਿਪੁੰਨ ਹੋ ਕੇ ਬਾਹਰਲੇ ਮੁਲਕਾਂ ਵਿੱਚ ਦੇਸ਼ ਅਤੇ ਪਿੰਡ ਦਾ ਨਾਮ ਚਮਕਾਉਂਗੇ। ਉਹਨਾਂ ਗਰਾਊਂਡ ਤਿਆਰ ਕਰਨ ਵਿੱਚ ਸਰਪੰਚ ਵਰਿੰਦਰ ਸਿੰਘ ਅਤੇ ਗੁਰਜੀਤ ਸਿੰਘ ਦੋਵੇਂ ਪੰਚਾਇਤਾਂ ਅਤੇ ਨਰੇਗਾ ਬੀਬੀਆਂ ਦਾ ਅਹਿਮ ਸਹਿਯੋਗ ਦੱਸਿਆ। ਉਹਨਾਂ ਖਾਸਕਰ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਅਮਿਤ ਹਨੀ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ, ਜਿਹਨਾਂ ਨੇ ਨਗਰ ਕੌਂਸਲ ਦੀ ਹੱਦ ਵਧਣ ਕਾਰਨ ਖੇਡ ਗਰਾਊਂਡ ਨਗਰ ਕੌਂਸਲ ਅਧੀਨ ਆ ਜਾਣ 'ਤੇ ਵੀ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਧੁਨਿਕ ਸਪੋਰਟਸ ਕਮ ਖੇਡ ਪਾਰਕ ਬਣਾਉਣ ਦਾ ਮਤਾ ਪਾ ਕੇ ਦਿੱਤਾ।
ਇਸ ਮੌਕੇ ਡਾ. ਸੁਰਿੰਦਰ ਕੁਮਾਰ ਕਾਲੀਆ ਡੀ.ਆਈ.ਜੀ ਰੇਂਜ ਲੁਧਿਆਣਾ ਨੇ ਕਿਹਾ ਕਿ ਪਿੰਡਾਂ ਵਿੱਚ ਵਿਧਾਇਕ ਇਆਲੀ ਵੱਲੋਂ ਬਣਾਏ ਗਏ 70 ਆਧੁਨਿਕ ਖੇਡ ਗਰਾਊਂਡ ਕਮ ਪਾਰਕਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਅਸੀ ਬਾਹਰਲੇ ਮੁਲਕ ਵਿੱਚ ਆ ਗਏ ਹਾਂ। ਇਹੋ ਜਿਹੇ ਪਿੰਡਾਂ ਵਿੱਚ ਬਣਾਏ ਪ੍ਰੋਜੈਕਟ ਅੱਜ ਤੱਕ ਉਨ•ਾਂ ਆਪਣੇ ਦੇਸ਼ ਵਿੱਚ ਕਿਤੇ ਵੀ ਨਹੀ ਦੇਖੇ। ਸ੍ਰ. ਇਆਲੀ ਨੇ ਨਰੋਏ ਸਮਾਜ ਦੀ ਸਿਰਜਣਾ ਲਈ ਇਹ ਉਪਰਾਲਾ ਕੀਤਾ ਹੈ। ਉਹਨਾਂ ਇਸ ਮੌਕੇ ਨੌਜਵਾਨਾਂ ਨੂੰ ਪ੍ਰੇਰਦਿਆਂ ਕਿਹਾ ਕਿ ਅੱਜ ਲੋੜ ਹੈ ਸ. ਇਆਲੀ ਦੀ ਸੋਚ 'ਤੇ ਪਹਿਰਾ ਦੇਣ ਦੀ ਤਾਂ ਜੋ ਸਾਡਾ ਦੇਸ਼ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਭਰ ਵਿੱਚੋਂ ਨੰਬਰ ਵਨ ਬਣ ਜਾਵੇ।
ਉਦਘਾਟਨ ਸਮਾਰੋਹ 'ਤੇ ਗੱਤਕਾ ਪਾਰਟੀ ਵੱਲੋਂ ਖਾਲਸਾਈ ਕਰਤੱਬ ਦਿਖਾਏ ਗਏ, ਉਥੇ ਫੁੱਟਬਾਲ, ਹਾਕੀ ਅਤੇ ਬਾਸਕਿਟਬਾਲ ਦੇ ਸ਼ੋਅ-ਮੈਚ ਵੀ ਕਰਵਾਏ ਗਏ। ਗੱਭਰੂਆਂ ਵੱਲੋਂ ਭੰਗੜਾ ਪਾ ਕੇ ਧਮਾਲਾਂ ਪਾਈਆਂ ਗਈਆਂ। ਇਸ ਮੌਕੇ ਹਰਵੀਰ ਸਿੰਘ ਇਆਲੀ, ਜਸਕਰਨ ਦਿਓਲ ਵਾਈਸ ਚੇਅਰਮੈਨ ਲੈਂਡ ਮਾਰਗੇਜ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਅਤੇ ਰਣਯੋਧ ਸਿੰਘ ਤਲਵੰਡੀ ਆਦਿ ਹਾਜ਼ਰ ਸਨ।