ਚੰਡੀਗੜ੍ਹ, 3 ਦਸੰਬਰ, 2016 : ਪੰਜਾਬ ਮੁਲਕ ਦੇ ਉੱਤਮ ਹਵਾਈ ਸੰਪਰਕ ਵਾਲੇ ਉਹਨਾਂ 10 ਰਾਜਾਂ ਦੀ ਲੀਗ ਵਿਚ ਸ਼ਾਮਿਲ ਹੋ ਗਿਆ ਹੈ, ਜਿੱਥੇ 2 ਜਾਂ ਇਸ ਤੋਂ ਵੱਧ ਅੰਤਰਾਸ਼ਟਰੀ ਹਵਾਈ ਅੱਡੇ ਹਨ। ਅਕਾਲੀ- ਭਾਜਪਾ ਸਰਕਾਰ ਨੇ ਪੰਜਾਬ ਨੂੰ ਦੇਸ਼ ਅਤੇ ਦੁਨੀਆਂ ਦੇ ਬਾਕੀ ਹਿੱਸਿਆਂ ਨਾਲ ਜੋੜਣ ਲਈ ਹਵਾਈ ਸਹਲੂਤਾਂ 'ਚ ਭਾਰੀ ਵਾਧਾ ਕੀਤਾ ਹੈ। ਜਿਸ ਨਾਲ ਜਿੱਥੇ ਕਾਰੋਬਾਰੀਆਂ ਲਈ ਵਪਾਰ ਦੇ ਨਵੇਂ ਰਸਤੇ ਖੁੱਲ੍ਹ ਗਏ ਹਨ, ਉੱਥੇ ਆਮ ਲੋਕਾਂ ਲਈ ਵੀ ਦੇਸ਼-ਵਿਦੇਸ਼ 'ਚ ਘੁੰਮਣਾ ਸੌਖਾ ਹੋ ਗਿਆ ਹੈ।
ਇਹ ਸ਼ਬਦ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਦੇ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪੰਜਾਬ ਦੇ ਹਰ ਖੇਤਰ ਨੂੰ ਹਵਾਈ ਸਹੂਲਤ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਮੌਜੂਦਾ ਸਮੇਂ ਪੰਜਾਬ ਵਿਚ 2 ਅੰਤਰਾਸ਼ਟਰੀ ਹਵਾਈ ਅੱਡੇ 3 ਘਰੇਲੂ ਹਵਾਈ ਅੱਡੇ ਹਨ। ਉਹਨਾਂ ਕਿਹਾ ਕਿ ਪੰਜਾਬ ਕੋਲ ਕਾਂਡਲਾ ਵਰਗੀ ਕੋਈ ਬੰਦਰਗਾਹ ਨਾ ਹੋਣ ਕਰਕੇ ਇੱਥੇ ਹਵਾਈ ਸਹੂਲਤਾਂ ਦਾ ਵਿਸਥਾਰ ਕਰਨ ਦੀ ਸਖਤ ਜ਼ਰੂਰਤ ਸੀ। ਬਾਦਲ ਸਰਕਾਰ ਨੇ ਨਾ ਸਿਰਫ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮੁਹਾਲੀ ਵਿਖੇ ਅੰਤਰਰਾæਸਟਰੀ ਹਵਾਈ ਅੱਡੇ ਤਿਆਰ ਕਰਵਾਏ ਹਨ, ਸਗੋਂ ਬਠਿੰਡਾ, ਲੁਧਿਆਣਾ ਅਤੇ ਪਠਾਨਕੋਟ ਵਿਚਲੇ ਫੌਜੀ ਹਵਾਈ ਅੱਡਿਆਂ ਦਾ ਵੀ ਵਿਸਥਾਰ ਕਰਵਾਇਆ ਹੈ।
ਸ਼ ਢੀਂਡਸਾ ਨੇ ਦੱਸਿਆ ਕਿ ਮੌਜੂਦਾ ਫੌਜੀ ਹਵਾਈ ਅੱਡਿਆਂ ਦਾ ਵਿਸਥਾਰ ਕਰਨ ਤੋਂ ਇਲਾਵਾ ਆਦਮਪੁਰ ਵਿਖੇ ਹਵਾਈ ਅੱਡਾ ਬਣਾਉਣ ਲਈ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਮੌਜੂਦਾ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਵੱਡੀ ਗਿਣਤੀ 'ਚ ਅੰਤਰਰਾਸ਼ਟਰੀ ਉਡਾਣਾਂ ਅਤੇ ਘਰੇਲੂ ਉਡਾਣਾਂ ਭਰੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਮੋਹਾਲੀ ਹਵਾਈ ਅੱਡੇ ਤੋ ਵੀ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਚੁੱਕੀਆਂ ਹਨ। ਉਹਨਾਂ ਕਿਹਾ ਕਿ ਪੰਜਾਬ 'ਚ ਸਾਰੀਆਂ ਹਵਾਈ ਸਹੂਲਤਾਂ ਦਾ ਵਿਕਾਸ ਅਤੇ ਵਿਸਥਾਰ ਕਰਨ ਦਾ ਸਿਹਰਾ ਅਕਾਲੀ-ਭਾਜਪਾ ਸਰਕਾਰ ਦੇ ਸਿਰ ਬੱਝਦਾ ਹੈ। ਜਿਸ ਸਦਕਾ ਹੁਣ ਪੰਜਾਬ ਦੇ ਕਾਰੋਬਾਰੀ ਦੇਸ਼ ਅਤੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਜਾ ਕੇ ਆਪਣਾ ਕਾਰੋਬਾਰ ਫੈਲਾ ਸਕਦੇ ਹਨ।
ਸ਼ ਢੀਂਡਸਾ ਨੇ ਦੱਸਿਆ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿਚੋਂ ਵੱਡੀ ਗਿਣਤੀ 'ਚ ਨੌਜਵਾਨ ਬਾਹਰਲੇ ਮੁਲਕਾਂ ਆਸਟਰੇਲੀਆ, ਨਿਊਜ਼ਲੈਂਡ ਅਤੇ ਕੈਨੇਡਾ ਗਏ ਹਨ। ਜਿਸ ਮਗਰੋਂ ਇਹਨਾਂ ਮੁਲਕਾਂ 'ਚ ਪੰਜਾਬੀਆਂ ਦਾ ਆਉਣ ਜਾਣ ਕਾਫੀ ਵਧ ਗਿਆ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ-ਭਾਜਪਾ ਸਰਕਾਰ ਵੱਲੋਂ ਹਵਾਈ ਸਹੂਲਤਾਂ ਦੇ ਵਿਸਥਾਰ ਵੱਲ ਉਚੇਚਾ ਧਿਆਨ ਦਿੱਤਾ ਗਿਆ ਹੈ। ਹਵਾਈ ਸਹੂਲਤਾਂ ਵਿਚ ਹੋਏ ਇਸ ਵਾਧੇ ਨੇ ਪੰਜਾਬੀਆਂ ਦੇ ਵਪਾਰ ਨੂੰ ਦੂਰ ਤੱਕ ਫੈਲਾਇਆ ਹੈ ਅਤੇ ਰਿਸ਼ਤਿਆਂ ਨੂੰ ਨੇੜੇ ਲਿਆਂਦਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਚ ਹਵਾਈ ਸਹੂਲਤਾਂ ਨੂੰ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ, ਜਿਸ ਕਰਕੇ ਕਾਰੋਬਾਰੀਆਂ ਅਤੇ ਪਰਵਾਸੀ ਭਾਰਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।