ਚੰਡੀਗੜ੍ਹ, 5 ਜਨਵਰੀ, 2017 : ਸੱਤਾ ਹਾਸਲ ਕਰਨ ਲਈ ਸਨਕੀ ਹੋਏ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਸਿਸ਼ਟਾਚਾਰ ਅਤੇ ਤਹਿਜ਼ੀਬ ਸਭ ਕੁੱਝ ਛਿੱਕੇ ਟੰਗ ਦਿੱਤਾ ਹੈ। ਉਸ ਵੱਲੋਂ ਵਿਧਾਨ ਸਭਾ ਹਲਕਾ ਪਟਿਆਲਾ ਤੋਂ ਆਪਣੇ ਸੰਭਾਵੀ ਵਿਰੋਧੀ ਜਰਨਲ ਜੇ ਜੇ ਸਿੰਘ ਬਾਰੇ ਸੜਕਛਾਪਾਂ ਵਾਲੀ ਭਾਸ਼ਾ ਵਰਤਣਾ ਬਹੁਤ ਹੀ ਸ਼ਰਮਨਾਕ ਹੈ।
ਇਹ ਸ਼ਬਦ ਪੰਜਾਬ ਦੇ ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਮਰਿੰਦਰ ਵੱਲੋਂ ਭਾਰਤੀ ਫੌਜ ਦੇ ਸਾਬਕਾ ਮੁਖੀ ਨੂੰ 'ਨਾਨੀ ਚੇਤੇ ਕਰਵਾ ਦਿਆਂਗੇ' ਵਰਗੀ ਧਮਕੀ ਦੇਣਾ ਸਾਬਿਤ ਕਰਦਾ ਹੈ ਕਿ ਮਹਾਰਾਜਾ ਰਜਵਾੜਿਆਂ ਵਾਲੀ ਹੰਕਾਰੀ ਮਾਨਸਿਕਤਾ ਤੋਂ ਪੀੜਤ ਹੈ।
ਉਹਨਾਂ ਕਿਹਾ ਕਿ ਜੇਜੇ ਸਿੰਘ ਵੱਲੋਂ ਪਟਿਆਲਾ ਹਲਕੇ ਤੋਂ ਚੋਣ ਲੜੇ ਜਾਣ ਦੀ ਗੱਲ ਸੁਣ ਕੇ ਅਮਰਿੰਦਰ ਨੇ ਬੌਖਲਾਹਟ ਵਿਚ ਇਹ ਬਿਆਨ ਦਿੱਤਾ ਕਿ ਉਸ ਦੇ ਇੱਥੇ ਨਾਨਕੇ ਸਨ ਅਤੇ ਚੋਣਾਂ ਵਿਚ ਉਹ ਸਾਬਕਾ ਜਨਰਲ ਨੂੰ ਨਾਨੀ ਚੇਤੇ ਕਰਵਾ ਦੇਣਗੇ। ਉਹਨਾਂ ਕਿਹਾ ਕਿ ਅਮਰਿੰਦਰ ਇੱਕ ਸਿਆਸਤਾਨ ਵਾਂਗ ਇਹ ਵੀ ਕਹਿ ਸਕਦਾ ਸੀ ਕਿ ਪਾਰਟੀ ਚਾਹੇ ਕੋਈ ਵੀ ਜਿੱਤੇ, ਪਟਿਆਲਾ ਦੀ ਸੀਟ ਕੋਈ ਫੋਜੀ ਹੀ ਜਿੱਤੇਗਾ। ਅਜਿਹੇ ਬਿਆਨ ਨੇ ਮਹਾਰਾਜੇ ਦਾ ਕੱਦ ਉੱਚਾ ਕਰਨਾ ਸੀ, ਪਰ ਉਸ ਨੇ ਸੜਕਛਾਪਾਂ ਵਾਲੀ ਭਾਸ਼ਾ ਇਸਤੇਮਾਲ ਕਰਕੇ ਖੁਦ ਨੂੰ ਹੋਰ ਛੋਟਾ ਕਰ ਲਿਆ ਹੈ।
ਸ਼ ਚੀਮਾ ਨੇ ਕਿਹਾ ਕਿ ਅਮਰਿੰਦਰ ਨੂੰ ਫੋਜੀਆਂ ਵਾਲਾ ਸਿਸ਼ਟਾਚਾਰ ਵਿਖਾਉਣਾ ਚਾਹੀਦਾ ਸੀ ਅਤੇ ਇੱਕ ਚੰਗੇ ਫੌਜੀ ਵਾਂਗ ਫੌਜ ਦੇ ਸਾਬਕਾ ਮੁਖੀ ਦਾ ਸ਼ਹਿਰ ਅਤੇ ਸਿਆਸਤ ਅੰਦਰ ਦੋਵੇਂ ਹੱਥ ਖੋਲ੍ਹ ਕੇ ਸਵਾਗਤ ਕਰਨਾ ਚਾਹੀਦਾ ਸੀ। ਅਮਰਿੰਦਰ ਅਤੇ ਜੇਜੇ ਸਿੰਘ ਦੋਵੇਂ ਹੀ ਅਨੁਸਾਸ਼ਨ ਪਸੰਦ ਸੈਨਿਕ ਰਹੇ ਹਨ। ਅਮਰਿੰਦਰ ਨੂੰ ਉਹਨਾਂ ਦਾ ਸਵਾਗਤ ਇਸ ਤਰ੍ਹਾਂ ਕਰਨਾ ਚਾਹੀਦਾ ਸੀ, ਜਿਸ ਨਾਲ ਸਿਆਸਤ ਅੰਦਰ ਇੱਕ ਨਵੀਂ ਪਿਰਤ ਪੈਂਦੀ। ਪਰ ਉਸ ਦੇ ਰਵੱਈਏ ਨੇ ਨਾ ਫੌਜੀਆਂ ਨੂੰ, ਸਗੋਂ ਸਿਆਸਤਦਾਨਾਂ ਨੂੰ ਵੀ ਸ਼ਰਮਸ਼ਾਰ ਕੀਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਇਲਾਵਾ ਅਮਰਿੰਦਰ ਨੇ ਜੇਜੇ ਸਿੰਘ ਦੇ ਪਟਿਆਲਾ ਨਾਲ ਰਿਸ਼ਤੇ ਬਾਰੇ ਸਵਾਲ ਉਠਾ ਕੇ ਆਪਣੀ ਸੌੜੀ ਸੋਚ ਦਾ ਵਿਖਾਵਾ ਕੀਤਾ ਹੈ।ਇੱਕ ਫੌਜੀ ਪੂਰੇ ਮੁਲਕ ਦੀ ਸੇਵਾ ਕਰਦਾ ਹੈ, ਇਸ ਲਈ ਪੂਰਾ ਮੁਲਕ ਹੀ ਉਸ ਦਾ ਘਰ ਹੁੰਦਾ ਹੈ। ਉਹਨਾਂ ਕਿਹਾ ਕਿ ਸਿਆਸੀ ਲੜਾਈਆਂ ਜੋਸ਼ ਅਤੇ ਜਜ਼ਬੇ ਨਾਲ ਲੜੀਆਂ ਜਾਂਦੀਆਂ ਹਨ, ਪਰ ਅਮਰਿੰਦਰ ਨੇ ਮਾੜੀ ਭਾਸ਼ਾ ਦਾ ਇਸਤੇਮਾਲ ਕਰਕੇ ਸਿਆਸਤ ਅੰਦਰ ਚਿੱਕੜ ਨੂੰ ਵਧਾ ਦਿੱਤਾ ਹੈ।